ਜ਼ੀਰਕਪੁਰ ਵਿੱਚ 35 ਨੌਜਵਾਨਾਂ ਨੇ ਖੂਨਦਾਨ ਕੀਤਾ
ਚੰਡੀਗੜ੍ਹ ਸਮਵਾੱਦਾਤਾ, ਡੈਮੋਕ੍ਰੇਟਿਕ ਫਰੰਟ, ਜ਼ੀਰਕਪੁਰ 9 ਜੁਲਾਈ 22 :
ਵਿਸ਼ਵਾਸ ਫਾਊਂਡੇਸ਼ਨ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਵੱਲੋਂ ਸਾਂਝੇ ਤੌਰ ਤੇ ਮੈਟਰੋ ਸਟੋਰ ਦੇ ਬਾਹਰ ਅੰਬਾਲਾ ਚੰਡੀਗੜ੍ਹ ਰੋਡ ਤੇ ਖ਼ੂਨਦਾਨ ਕੈਂਪ ਲਾਇਆ ਗਿਆ। ਕੜਾਕੇ ਦੀ ਗਰਮੀ ਅਤੇ ਬਾਰਿਸ਼ ਦੇ ਕਾਰਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇਹ ਕੈਂਪ ਲਗਾਇਆ ਗਿਆ। ਬਲੱਡ ਬੈਂਕ ਐਮ ਕੇਅਰ ਹਸਪਤਾਲ ਬਲੱਡ ਸੈਂਟਰ ਵੀਆਈਪੀ ਰੋਡ ਜ਼ੀਰਕਪੁਰ ਦੀ ਟੀਮ ਨੇ ਡਾ: ਕਾਰਤਿਕ ਅਗਰਵਾਲ ਦੀ ਦੇਖ-ਰੇਖ ਹੇਠ 35 ਯੂਨਿਟ ਖ਼ੂਨ ਇਕੱਤਰ ਕੀਤਾ। ਇਹ ਕੈਂਪ ਸਵੇਰੇ 10:30 ਵਜੇ ਸ਼ੁਰੂ ਹੋ ਕੇ ਸ਼ਾਮ 3:30 ਵਜੇ ਤੱਕ ਚੱਲਿਆ।
ਵਿਸ਼ਵਾਸ ਫਾਊਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਪਹਿਲਾਂ ਲੋੜ ਪੈਣ ’ਤੇ ਖੂਨਦਾਨ ਕੀਤਾ ਜਾਂਦਾ ਸੀ। ਹੁਣ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ‘ਤੇ ਵੀ ਖੂਨਦਾਨ ਕਰਦੇ ਹਨ। ਖੂਨਦਾਨ ਜੀਵਨ ਦਾ ਸਭ ਤੋਂ ਵੱਡਾ ਦਾਨ ਹੈ, ਜਿਸ ਨਾਲ ਮਨੁੱਖ ਨਾ ਤਾਂ ਜਾਤ ਦੇਖਦਾ ਹੈ ਅਤੇ ਨਾ ਹੀ ਧਰਮ। ਇਹ ਮਨੁੱਖ ਲਈ ਜੀਵਨ ਦਾ ਸਭ ਤੋਂ ਪਵਿੱਤਰ ਕਾਰਜ ਹੈ। ਸਾਡੀ ਸੰਸਥਾ ਦੀ ਕੋਸ਼ਿਸ਼ ਹੈ ਕਿ ਖੂਨ ਦੀ ਕੋਈ ਕਮੀ ਨਾ ਰਹੇ। ਖੂਨਦਾਨ ਕਰਕੇ ਹੀ ਅਸੀਂ ਲੋੜਵੰਦਾਂ ਦੀ ਜਾਨ ਬਚਾ ਸਕਦੇ ਹਾਂ।
ਕੈਂਪ ਦੇ ਅੰਤ ਵਿੱਚ ਸਮੂਹ ਖੂਨਦਾਨੀਆਂ ਨੂੰ ਸਰਟੀਫਿਕੇਟ, ਯਾਦਗਾਰੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਪ੍ਰੇਮ ਨਾਥ ਬਾਂਸਲ, ਤਾਰਾ ਚੰਦ ਘਈ, ਸੰਦੀਪ ਪਰਮਾਰ, ਬ੍ਰਿਜ ਮਹਾਜਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।