Monday, December 23
  • ਪ੍ਰੀ-ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਕੇ ਪੰਜਾਬ ਦੀਆਂ ਟੀਮਾਂ ਪਹੁੰਚੀਆਂ ਕੁਆਰਟਰ ਫਾਈਨਲ ਵਿੱਚ
  • ਲੜਕਿਆਂ ਦੀ ਟੀਮ ਨੇ ਕਰਨਾਟਕ ਨੂੰ 4-1 ਅਤੇ ਲੜਕੀਆਂ ਦੀ ਟੀਮ ਨੇ ਗੁਜਰਾਤ ਨੂੰ 9-1 ਨਾਲ ਹਰਾਇਆ

ਡੈਮੋਕਰੇਟਿਕ ਫਰੰਟ ਜਲੰਧਰ, 09 ਜਨਵਰੀ

ਜਲੰਧਰ ਵਿਖੇ ਚੱਲ ਰਹੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ-19 ਵਿੱਚ ਭਾਗ ਲੈ ਰਹੀਆਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 50 ਟੀਮਾਂ ਵਿੱਚੋਂ 16 ਟੀਮਾਂ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਮੰਗਲਵਾਰ ਨੂੰ ਜਲੰਧਰ ਦੇ ਬੀ.ਐਸ.ਐਫ ਹਾਕੀ ਗਰਾਊਂਡ, ਪੀ.ਏ.ਪੀ ਹਾਕੀ ਗਰਾਊਂਡ, ਸੁਰਜੀਤ ਹਾਕੀ ਸਟੇਡੀਅਮ ਅਤੇ ਖਾਲਸਾ ਕਾਲਜ ਦੇ ਹਾਕੀ ਸਟੇਡੀਅਮ ਵਿੱਚ ਖੇਡੇ ਗਏ। ਸਿੱਖਿਆ ਮੰਤਰੀ ਮਾਣਯੋਗ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਚੱਲ ਰਹੀਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ (ਅੰਡਰ-19)  ਦੌਰਾਨ ਅੱਜ ਮੁੱਖ ਮਹਿਮਾਨ ਸੁਨੀਲ ਕੁਮਾਰ ਭਾਰਦਵਾਜ ਡਿਪਟੀ ਡਾਇਰੈਕਟਰ (ਸਰੀਰਕ ਸਿੱਖਿਆ) ਵੱਲੋਂ ਸਟੇਟ ਅਵਾਰਡੀ ਰਾਜੀਵ ਜੋਸ਼ੀ, ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) , ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨਾਲ ਮਿਲ ਕੇ ਜਲੰਧਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਵਲੋਂ ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਬਾਰੇ ਵੀ ਜਾਇਜ਼ਾ ਲਿਆ ਗਿਆ। 

ਅੱਜ ਦੇ ਪ੍ਰੀ-ਕੁਆਰਟਰ ਫਾਈਨਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਕਰਨਾਟਕ ਨੂੰ 4-1, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 2-1, ਓਡੀਸ਼ਾ ਨੇ ਦਿੱਲੀ ਨੂੰ 4-3, ਉੱਤਰ ਪ੍ਰਦੇਸ਼ ਨੇ ਕੇਰਲ ਨੂੰ 4-0, ਪੱਛਮੀ ਬੰਗਾਲ ਨੇ ਬਿਹਾਰ ਨੂੰ 2-1, ਝਾਰਖੰਡ ਨੇ ਰਾਜਸਥਾਨ ਨੂੰ 2-0, ਗੁਜਰਾਤ ਨੇ ਸੀ.ਆਈ.ਐਸ.ਸੀ.ਈ ਨੂੰ 6-4 ਅਤੇ ਹਰਿਆਣਾ ਨੇ ਤਮਿਲਨਾਡੂ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਲੜਕੀਆਂ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਨੇ ਗੁਜਰਾਤ ਨੂੰ 9-1, ਝਾਰਖੰਡ ਨੇ ਰਾਜਸਥਾਨ ਨੂੰ 9-0,  ਹਿਮਾਚਲ ਪ੍ਰਦੇਸ਼ ਨੇ ਕਰਨਾਟਕ ਨੂੰ 3-0,  ਮਹਾਰਾਸ਼ਟਰ ਨੇ ਛੱਤੀਸਗੜ੍ਹ ਨੂੰ 6-0,  ਮੱਧ-ਪ੍ਰਦੇਸ਼ ਨੇ ਕੇਰਲ ਨੂੰ 6-0, ਦਿੱਲੀ ਨੇ ਉੱਤਰ ਪ੍ਰਦੇਸ਼ ਨੂੰ 2-0, ਓਡੀਸ਼ਾ ਨੇ ਉੱਤਰਾਖੰਡ ਨੂੰ 3-0 ਅਤੇ ਹਰਿਆਣਾ ਨੇ ਤਮਿਲਨਾਡੂ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਮੌਕੇ ਰਾਜੀਵ ਜੋਸ਼ੀ, ਉੱਪ-ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਵੱਲੋਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਮੈਚਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ ਦੀਆਂ ਜੇਤੂ ਟੀਮਾਂ ਦੇ ਕੁਆਰਟਰ ਫਾਈਨਲ ਮੈਚ ਅਤੇ ਸੈਮੀ ਫਾਈਨਲ ਮੈਚ ਕੱਲ ਸੁਰਜੀਤ ਹਾਕੀ ਸਟੇਡੀਅਮ, ਬੀ.ਐਸ.ਐਫ ਹਾਕੀ ਗਰਾਊਂਡ ਅਤੇ ਪੀ.ਏ.ਪੀ ਹਾਕੀ ਗਰਾਊਂਡ ਵਿੱਚ ਹੋਣਗੇ। ਇਸ ਮੌਕੇ ਗੁਰਿੰਦਰ ਸਿੰਘ ਸੰਘਾ, ਕੋਚ ਪੰਜਾਬ ਹਾਕੀ ਟੀਮ (ਲੜਕੇ) ਨੇ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਟੀਮ ਆਪਣਾ ਬਿਹਤਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰੇਗੀ।

ਇਸ ਮੌਕੇ ਪ੍ਰਿੰਸੀਪਲ ਸੁਖਦੇਵ ਲਾਲ, ਅਨਿਲ ਅਵਸਥੀ, ਰਾਮ ਆਸਰਾ, ਜੀਵਨ ਕੁਮਾਰ, ਹੈੱਡਮਾਸਟਰ ਹਰਬਿੰਦਰ ਪਾਲ ਤੋਂ ਅਲਾਵਾ ਸੁਰਜੀਤ ਹਾਕੀ ਸਟੇਡੀਅਮ ਦੇ ਕਨਵੀਨਰ ਪ੍ਰਿੰਸੀਪਲ ਰਜਿੰਦਰ ਪਾਲ ਸਿੰਘ ਭਾਟੀਆ, ਕੋ-ਕਨਵੀਨਰ ਹਰਿੰਦਰ ਸਿੰਘ ਸੰਘਾ, ਪੀ.ਏ.ਪੀ ਗਰਾਊਂਡ ਦੇ ਕਨਵੀਨਰ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਕੋ-ਕਨਵੀਨਰ ਕੁਲਜਿੰਦਰ ਸਿੰਘ ਮੱਲੀ , ਬੀ.ਐਸ.ਐਫ ਹਾਕੀ ਗਰਾਊਂਡ ਦੇ ਕਨਵੀਨਰ ਪ੍ਰਿੰਸੀਪਲ ਚੰਦਰ ਸ਼ੇਖਰ , ਕੋ-ਕਨਵੀਨਰ ਮਨਪ੍ਰੀਤ ਸਿੰਘ ਅਤੇ ਲਾਇਲਪੁਰ ਖਾਲਸਾ ਕਾਲਜ ਦੇ ਕਨਵੀਨਰ ਪ੍ਰਿੰਸੀਪਲ ਤਜਿੰਦਰ ਸਿੰਘ ਅਤੇ ਕੋ-ਕਨਵੀਨਰ ਲਸਕਰੀ ਰਾਮ ਮੌਜੂਦ ਸਨ।