ਚੰਡੀਗੜ੍ਹ, 24 ਨਵੰਬਰ 2021:
ਵਿਸ਼ਵਾਸ ਫਾਊਂਡੇਸ਼ਨ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ ਚੰਡੀਗੜ੍ਹ ਵੱਲੋਂ ਮਾਰਕੀਟ ਸੈਕਟਰ-34ਏ ਚੰਡੀਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਮਾਜ ਸੇਵੀ ਮੁਕੇਸ਼ ਚੌਹਾਨ ਵੱਲੋਂ ਆਪਣੀ ਮਾਤਾ ਸਵਰਗੀ ਸ਼੍ਰੀਮਤੀ ਸੁਨੀਤਾ ਦੇਵੀ ਜੀ ਦੀ ਯਾਦ ਵਿੱਚ ਲਗਾਇਆ ਗਿਆ। ਕੈਂਪ ਵਿੱਚ ਮਾਸਕ, ਸਮਾਜਿਕ ਦੂਰੀ ਅਤੇ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।
ਵਿਸ਼ਵਾਸ ਫਾਊਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਬਲੱਡ ਬੈਂਕ ਰੋਟਰੀ ਅਤੇ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ ਸੈਕਟਰ 37 ਚੰਡੀਗੜ੍ਹ ਦੀ ਟੀਮ ਨੇ ਡਾਕਟਰ ਮਨੀਸ਼ ਰਾਏ ਦੀ ਦੇਖ-ਰੇਖ ਹੇਠ 31 ਯੂਨਿਟ ਖੂਨ ਇਕੱਤਰ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਕਿਸੇ ਲੋੜਵੰਦ ਨੂੰ ਖੂਨ ਦੇਣ ਨਾਲ ਉਸਦੀ ਜਾਨ ਬਚ ਸਕਦੀ ਹੈ।
ਆਮ ਤੌਰ ‘ਤੇ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਇਹ ਗੁੰਮਰਾਹਕੁੰਨ ਜਾਣਕਾਰੀ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਅਤੇ ਇੱਕ ਹਫਤੇ ਦੇ ਅੰਦਰ ਅੰਦਰ ਖੂਨ ਦੀ ਸਪਲਾਈ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਨਵਾਂ ਖੂਨ ਸੰਚਾਰਿਤ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਦਾ ਪ੍ਰਣ ਲੈਣ ਅਤੇ ਜੀਵਨ ਵਿੱਚ ਖੂਨਦਾਨ ਜ਼ਰੂਰ ਕਰਨ।
ਇਸ ਖੂਨਦਾਨ ਕੈਂਪ ਵਿੱਚ ਆਏ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ, ਮਾਸਕ, ਸਾਬਣ, ਬੈਜ ਅਤੇ ਤੋਹਫੇ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਤੋਂ ਰਾਕੇਸ਼ ਕੁਮਾਰੀ ਅਤੇ ਵਿਸ਼ਵਾਸ ਫਾਊਂਡੇਸ਼ਨ ਤੋਂ ਅਵਿਨਾਸ਼ ਸ਼ਰਮਾ, ਵਰਿੰਦਰਾ ਗਾਂਧੀ, ਵਿਸ਼ਾਲ ਕੁੰਵਰ, ਨੀਰਜ ਯਾਦਵ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।